ਗੁਰਾਇਆ ਦੇ ਪੱਤਰਕਾਰਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ!

Tuesday 28 February 2017

ਸਾਰੇ ਪੱਤਰਕਾਰਾਂ ਲਈ ਪੀਲਾ ਕਾਰਡ ਬਣਾਉਣ ਦੀ ਮੰਗ

ਗੁਰਾਇਆ ਪੱਤਰਕਾਰ ਐਸੋਸੀਏਸ਼ਨ ਨੇ ਲੋਕ ਸੰਪਰਕ ਵਿਭਾਗ ਦੇ ਉਸ ਹੁਕਮ ਦੀ ਨਿਖੇਧੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪੱਤਰਕਾਰਾਂ ਲਈ ਜਾਰੀ ਕੀਤੇ ਜਾਣ ਵਾਲੇ ਕਾਰਡ ਸਬਡਵੀਜਨ ਪੱਧਰ ਤੱਕ ਹੀ ਜਾਰੀ ਕੀਤੇ ਜਾਣਗੇ। ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਕੌਸ਼ਲ ਅਤੇ ਜਨਰਲ ਸਕੱਤਰ ਸਰਬਜੀਤ ਗਿੱਲ ਨੇ ਜਾਰੀ ਕੀਤੇ ਇੱਕ ਬਿਆਨ ’ਚ ਕਿਹਾ ਹੈ ਕਿ ਅਜਿਹੇ ਪੀਲੇ ਕਾਰਡ ਹਰ ਪੱਤਰਕਾਰ ਦੇ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਭਾਗ ਕੋਲ ਪੱਤਰਕਾਰਾਂ ਦੀ ਸਹੀ ਗਿਣਤੀ ਪੁੱਜ ਸਕੇ। ਇਸ ਵਾਰ ਵਿਭਾਗ ਵਲੋਂ ਜਾਰੀ ਕੀਤੇ ਇਸ ਹੁਕਮ ’ਚ ਸਬਡਵੀਜਨ ਪੱਧਰ ’ਤੇ ਵੀ ਅਖਬਾਰਾਂ ਦੀ ਸਰਕੂਲੇਸ਼ਨ ਦੇ ਅਧਾਰ ’ਤੇ ਪੱਤਰਕਾਰਾਂ ਦੀ ਗਿਣਤੀ ਨੂੰ ਨਿਸ਼ਚਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅਖਬਾਰਾਂ ਦੇ ਸਮਰਥ ਅਧਿਕਾਰੀਆਂ ਵਲੋਂ ਇੱਕ ਅਲੱਗ ਤੋਂ ਪੱਤਰ ਜਾਰੀ ਕਰਵਾਉਣ ਨੂੰ ਵੀ ਕਿਹਾ ਗਿਆ ਹੈ। ਇਨ੍ਹਾਂ ਅਹੁਦੇਦਾਰਾਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਬਹੁਤ ਸਾਰੇ ਸਬਡਵੀਜਨ ਪੱਧਰ ਦੇ ਪੱਤਰਕਾਰ ਵੀ ਪੀਲੇ ਕਾਰਡਾਂ ਤੋਂ ਵਾਂਝੇ ਰਹਿ ਜਾਣਗੇ। ਕੌਂਸ਼ਲ ਅਤੇ ਗਿੱਲ ਨੇ ਮੰਗ ਕੀਤੀ ਕਿ ਰੋਜ਼ਾਨਾਂ ਅਖਬਾਰਾਂ ਦੇ ਸਾਰੇ ਪੱਤਰਕਾਰਾਂ ਨੂੰ ਅਖਬਾਰ ਵਲੋਂ ਜਾਰੀ ਪਛਾਣ ਪੱਤਰ ਦੇ ਅਧਾਰ ’ਤੇ ਪੀਲੇ ਕਾਰਡ ਜਾਰੀ ਕੀਤੇ ਜਾਣ ਅਤੇ ਇਨ੍ਹਾਂ ਦੇ ਅਧਾਰ ’ਤੇ ਹੀ ਬਣਦੀਆਂ ਸਹੂਲਤਾਂ ਵੀ ਦਿੱਤੀਆ ਜਾਣ।