ਗੁਰਾਇਆ ਦੇ ਪੱਤਰਕਾਰਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ!

Thursday 31 August 2017

ਸ਼ਰਧਾਂਜਲੀ: ਹੰਸ ਰਾਜ ਰਵੀ ਦਾ ਤੁਰ ਜਾਣਾ ਚਿੰਤਾ ਦਾ ਵਿਸ਼ਾ

Hans Raj Ravi
ਸਿਹਰੇ ਬੰਨ੍ਹਣ ਦੀ ਉਮਰੇ ਰਵੀ ਸਿਹਰੇ ਲਗਾ ਕੇ ਸਾਡੇ ਤੋਂ ਸਦਾ ਲਈ ਦੂਰ ਚਲਾ ਗਿਆ। ਹਾਲੇ ਉਹ 26 ਵਰ੍ਹਿਆਂ ਦਾ ਹੀ ਨੌਜਵਾਨ ਸੀ ਅਤੇ ਉਹ ਫ਼ੋਟੋਗਰਾਫ਼ੀ ਕਰਕੇ ਆਪਣੇ ਪਰਿਵਾਰ ਦੀ ਆਰਥਿਕਤਾ 'ਚ ਸਹਾਇਤਾ ਕਰਦਾ ਸੀ। ਫ਼ੋਟੋਗਰਾਫ਼ੀ ਕਾਰਨ ਹੀ ਉਹ ਪੱਤਰਕਾਰਾਂ ਦੇ ਨਾਲ ਹੋਏ ਮੇਲ-ਜੋਲ ਉਪਰੰਤ ਉਹ ਮੀਡੀਏ ਲਈ ਵੀ ਫ਼ੋਟੋ ਖਿੱਚਦਾ ਸੀ। ਜਦੋਂ ਕਿਤੇ ਕਿਸੇ ਖ਼ਬਰ ਲਈ ਵੀਡੀਓਗਰਾਫੀ ਦੀ ਲੋੜ ਪੈਣੀ ਤਾਂ ਵੀ ਰਵੀ ਦੀ ਲੋੜ ਮਹਿਸੂਸ ਹੋਣ ਲੱਗ ਪੈਣੀ। ਚੱਲ ਬਈ, ਰਵੀ ਹੁਣ ਫਲਾਣੇ ਥਾਂ ਜਾ ਕੇ ਕਵਰੇਜ ਕਰਨੀ ਆ ਅਤੇ ਹੁਣ ਫਲਾਣੇ ਥਾਂ। ਉਸ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਉਸ ਕੋਲ ਕੋਈ ਅਖ਼ਬਾਰ ਜਾਂ ਚੈਨਲ ਨਾ ਹੋਣ ਦੇ ਬਾਵਜੂਦ ਉਹ ਆਪਣੇ ਕੰਮ ਪ੍ਰਤੀ ਲਗਨ ਨਾਲ ਗੁਰਾਇਆ ਪੱਤਰਕਾਰ ਐਸੋਸੀਏਸ਼ਨ (ਜੀਪੀਏ) ਦਾ ਮੈਂਬਰ ਬਣਿਆ। ਐਸੋਸੀਏਸ਼ਨ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਉਸ ਦੀ ਜਿੱਥੇ ਵੀ ਕੋਈ ਡਿਊਟੀ ਲਗਾਉਣੀ, ਉਸ ਨੇ ਤਨਦੇਹੀ ਨਾਲ ਨਿਭਾਉਣੀ। ਸੰਸਥਾ ਨੂੰ ਇਸ ਗੱਲ ਦਾ ਕੋਈ ਫ਼ਿਕਰ ਹੀ ਨਹੀਂ ਸੀ ਹੁੰਦਾ ਕਿਉਂਕਿ ਉਸ ਨੇ ਆਪਣੇ ਦਿੱਤੇ ਕੰਮ ਨਾਲ ਇਨਸਾਫ਼ ਕਰਨਾ ਹੀ ਹੁੰਦਾ ਸੀ। ਉਹ ਕ੍ਰਿਕਟ ਖੇਡਣ ਦਾ ਵੀ ਸ਼ੌਕੀਨ ਸੀ ਅਤੇ ਆਪਣੀ ਸਿਹਤ ਪ੍ਰਤੀ ਕਾਫ਼ੀ ਚੁਕੰਨਾ ਵੀ ਸੀ। ਉਸ ਦੇ ਜਾਣ ਦਾ ਸੰਸਥਾ ਨੂੰ ਬਹੁਤ ਹੀ ਦੁੱਖ ਹੈ, ਜਿਹੜਾ ਸ਼ਬਦਾਂ 'ਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਐਪਰ ਉਸ ਦੇ ਤੁਰ ਜਾਣ ਦਾ ਫ਼ਿਕਰ ਵੀ ਹੈ, ਜਦੋਂ ਵੱਡੀ ਉਮਰ ਦੇ ਲੋਕ ਉਸ ਦੀ ਅਰਥੀ ਨੂੰ ਮੋਢਾ ਦੇ ਰਹੇ ਹੋਣ। ਭਰ ਜਵਾਨੀ 'ਚ ਉਸ ਦਾ ਤੁਰ ਜਾਣਾ ਚਿੰਤਾ ਦਾ ਵਿਸ਼ਾ ਹੈ। ਇੱਥੇ ਸਿਰਫ਼ ਇਹ ਕਹਿ ਦੇਣਾ ਕਾਫ਼ੀ ਨਹੀਂ ਕਿ ਇਹ ਤਾਂ ਭਾਣਾ ਸੀ। ਇਸ ਦੇ ਕਾਰਨ ਲੱਭਣੇ ਪੈਣਗੇ ਅਤੇ ਮੀਡੀਏ ਨੂੰ ਇਸ ਦੀ ਅਵਾਜ਼ ਵੀ ਉਠਾਉਣੀ ਹੋਵੇਗੀ।