ਗੁਰਾਇਆ ਦੇ ਪੱਤਰਕਾਰਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ!

Thursday 28 December 2017

ਜੀਪੀਏ ਦੀ ਚੋਣ ਦੌਰਾਨ ਗੁਰਜੀਤ ਗਿੱਲ ਪ੍ਰਧਾਨ ਅਤੇ ਨਿਰਮਲ ਗੁੜਾ ਸਕੱਤਰ ਚੁਣੇ ਗਏ

ਗੁਰਾਇਆ ਪੱਤਰਕਾਰ ਐਸੋਸੀਏਸ਼ਨ ਗੁਰਾਇਆ ਦੀ ਹੋਈ ਸਲਾਨਾ ਚੋਣ 'ਚ ਗੁਰਜੀਤ ਗਿੱਲ ਨੂੰ ਅਗਲੇ ਸਾਲ ਲਈ ਸੰਸਥਾ ਦਾ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਨਿਰਮਲ ਗੁੜਾ, ਪ੍ਰਮੋਦ ਕੌਸ਼ਲ ਅਤੇ ਚਰਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ 'ਚ ਰਵੀ ਢੰਡਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪਿਛਲੇ ਸਾਲ ਦੀ ਰਿਪੋਰਟ ਜਨਰਲ ਸਕੱਤਰ ਸਰਬਜੀਤ ਗਿੱਲ ਨੇ ਪੇਸ਼ ਕੀਤੀ। ਇਸ ਉਪਰੰਤ ਕੀਤੀ ਚੋਣ 'ਚ ਜਨਰਲ ਸਕੱਤਰ ਨਿਰਮਲ ਗੁੜਾ ਅਤੇ ਖ਼ਜ਼ਾਨਚੀ ਚਰਨਜੀਤ ਸਿੰਘ ਦੁਸਾਂਝ ਨੂੰ ਚੁਣ ਲਿਆ ਗਿਆ। ਇਸ ਮੀਟਿੰਗ 'ਚ ਮਨੀਸ਼ ਬਾਵਾ, ਬਿੰਦਰ ਸੁਮਨ, ਮਨਜੀਤ ਮੱਕੜ, ਹਰਦੀਪ ਤੱਗੜ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

Tuesday 12 December 2017

ਪ੍ਰੈਸ ਦੀ ਆਜ਼ਾਦੀ ਕਾਇਮ ਰੱਖਣ ਲਈ ਗਵਰਨਰ ਅਤੇ ਮੁਖ ਮੰਤਰੀ ਨੂੰ ਮੰਗ ਪੱਤਰ ਭੇਜਿਆ






ਇਲਾਕੇ ਦੇ ਪੱਤਰਕਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆ ਨੇ ਅੱਜ ਪੰਜਾਬ ਦੇ ਗਵਰਨਰ ਅਤੇ ਮੁਖ ਮੰਤਰੀ ਨੂੰ ਭੇਜੇ ਇੱਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਪਹਿਲਕਦਮੀ ਕੀਤੀ ਜਾਵੇ। ਵਰਨਣਯੋਗ ਹੈ ਕਿ ਬੰਗਾ ਕਸਬੇ ਤੋਂ 14 ਫਰਵਰੀ 2013 ਨੂੰ ਉਸ ਵੇਲੇ ਦੇ ਐਸਡੀਐਮ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਨਿਰਾਦਰ ਕਰਨ ਸਬੰਧੀ ਕਈ ਪੱਤਰਕਾਰਾਂ ਨੇ ਅਖ਼ਬਾਰਾਂ 'ਚ ਖ਼ਬਰਾਂ ਪ੍ਰਕਾਸ਼ਿਤ ਕੀਤੀਆ ਸਨ। ਇਸ ਖ਼ਬਰ ਮੁਤਾਬਿਕ ਉਸ ਵੇਲੇ ਦੇ ਐਸਡੀਐਮ, ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਪੈਰ ਰੱਖ ਕੇ ਧੁੱਪ ਸੇਕ ਰਹੇ ਸਨ। ਇਸ ਸਬੰਧੀ ਉਸ ਵੇਲੇ ਦੀ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਸੀ ਅਤੇ ਉਕਤ ਅਧਿਕਾਰੀ ਨੇ ਮੁਆਫ਼ੀ ਵੀ ਮੰਗ ਲਈ ਸੀ। ਹੁਣ ਉਕਤ ਅਧਿਕਾਰੀ ਨੇ ਬਦਲਾਖੋਰੀ ਦੀ ਭਾਵਨਾ ਨਾਲ ਕੁੱਝ ਪੱਤਰਕਾਰਾਂ 'ਤੇ ਮਾਨਹਾਨੀ ਅਤੇ ਬਲੈਕਮੇਲਿੰਗ ਦਾ ਕੇਸ ਸੰਗਰੂਰ ਦੀ ਅਦਾਲਤ 'ਚ ਕੀਤਾ ਹੋਇਆ ਹੈ। ਇਥੋਂ ਦੇ ਐਸਡੀਐਮ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਮੰਗ ਪੱਤਰ ਦੇਣ ਉਪਰੰਤ ਗੁਰਾਇਆ, ਫਿਲੌਰ ਤੇ ਅੱਪਰਾਂ ਦੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਪਹਿਲਾ ਹੀ ਕੀਤੀ ਜਾਂਚ ਦੇ ਅਧਾਰ 'ਤੇ ਸਰਕਾਰ ਖੁਦ ਇਸ ਕੇਸ 'ਚ ਧਿਰ ਬਣੇ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕਰਵਾਏ ਤਾਂ ਹੀ ਅਸਲ ਮਕਸਦ ਨਾਲ ਪ੍ਰੈਸ ਦੀ ਆਜ਼ਾਦੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

Thursday 7 September 2017

ਗ਼ੌਰੀ ਲੰਕੇਸ਼ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

ਕਾਲੀਆ ਤਾਕਤਾਂ ਵੱਲੋਂ ਸ਼ਹੀਦ ਕੀਤੀ ਗਈ ਗ਼ੌਰੀ ਲੰਕੇਸ਼ ਨੂੰ ਅੱਜ ਗੁਰਾਇਆ, ਫਿਲੌਰ, ਅੱਪਰਾ, ਦੁਸਾਂਝ ਕਲਾਂ ਆਦਿ ਦੇ ਪੱਤਰਕਾਰ ਭਾਈਚਾਰੇ ਵੱਲੋਂ ਗੁਰਾਇਆ ਵਿਖੇ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਅਤੇ ਅਹਿਦ ਕੀਤਾ ਗਿਆ ਕਿ ਫ਼ਿਰਕਾਪ੍ਰਸਤੀ ਖ਼ਿਲਾਫ਼ ਡਟ ਕੇ ਪਹਿਰਾ ਦਿੱਤਾ ਜਾਵੇਗਾ।














 

Thursday 31 August 2017

ਸ਼ਰਧਾਂਜਲੀ: ਹੰਸ ਰਾਜ ਰਵੀ ਦਾ ਤੁਰ ਜਾਣਾ ਚਿੰਤਾ ਦਾ ਵਿਸ਼ਾ

Hans Raj Ravi
ਸਿਹਰੇ ਬੰਨ੍ਹਣ ਦੀ ਉਮਰੇ ਰਵੀ ਸਿਹਰੇ ਲਗਾ ਕੇ ਸਾਡੇ ਤੋਂ ਸਦਾ ਲਈ ਦੂਰ ਚਲਾ ਗਿਆ। ਹਾਲੇ ਉਹ 26 ਵਰ੍ਹਿਆਂ ਦਾ ਹੀ ਨੌਜਵਾਨ ਸੀ ਅਤੇ ਉਹ ਫ਼ੋਟੋਗਰਾਫ਼ੀ ਕਰਕੇ ਆਪਣੇ ਪਰਿਵਾਰ ਦੀ ਆਰਥਿਕਤਾ 'ਚ ਸਹਾਇਤਾ ਕਰਦਾ ਸੀ। ਫ਼ੋਟੋਗਰਾਫ਼ੀ ਕਾਰਨ ਹੀ ਉਹ ਪੱਤਰਕਾਰਾਂ ਦੇ ਨਾਲ ਹੋਏ ਮੇਲ-ਜੋਲ ਉਪਰੰਤ ਉਹ ਮੀਡੀਏ ਲਈ ਵੀ ਫ਼ੋਟੋ ਖਿੱਚਦਾ ਸੀ। ਜਦੋਂ ਕਿਤੇ ਕਿਸੇ ਖ਼ਬਰ ਲਈ ਵੀਡੀਓਗਰਾਫੀ ਦੀ ਲੋੜ ਪੈਣੀ ਤਾਂ ਵੀ ਰਵੀ ਦੀ ਲੋੜ ਮਹਿਸੂਸ ਹੋਣ ਲੱਗ ਪੈਣੀ। ਚੱਲ ਬਈ, ਰਵੀ ਹੁਣ ਫਲਾਣੇ ਥਾਂ ਜਾ ਕੇ ਕਵਰੇਜ ਕਰਨੀ ਆ ਅਤੇ ਹੁਣ ਫਲਾਣੇ ਥਾਂ। ਉਸ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ। ਉਸ ਕੋਲ ਕੋਈ ਅਖ਼ਬਾਰ ਜਾਂ ਚੈਨਲ ਨਾ ਹੋਣ ਦੇ ਬਾਵਜੂਦ ਉਹ ਆਪਣੇ ਕੰਮ ਪ੍ਰਤੀ ਲਗਨ ਨਾਲ ਗੁਰਾਇਆ ਪੱਤਰਕਾਰ ਐਸੋਸੀਏਸ਼ਨ (ਜੀਪੀਏ) ਦਾ ਮੈਂਬਰ ਬਣਿਆ। ਐਸੋਸੀਏਸ਼ਨ ਵਲੋਂ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਉਸ ਦੀ ਜਿੱਥੇ ਵੀ ਕੋਈ ਡਿਊਟੀ ਲਗਾਉਣੀ, ਉਸ ਨੇ ਤਨਦੇਹੀ ਨਾਲ ਨਿਭਾਉਣੀ। ਸੰਸਥਾ ਨੂੰ ਇਸ ਗੱਲ ਦਾ ਕੋਈ ਫ਼ਿਕਰ ਹੀ ਨਹੀਂ ਸੀ ਹੁੰਦਾ ਕਿਉਂਕਿ ਉਸ ਨੇ ਆਪਣੇ ਦਿੱਤੇ ਕੰਮ ਨਾਲ ਇਨਸਾਫ਼ ਕਰਨਾ ਹੀ ਹੁੰਦਾ ਸੀ। ਉਹ ਕ੍ਰਿਕਟ ਖੇਡਣ ਦਾ ਵੀ ਸ਼ੌਕੀਨ ਸੀ ਅਤੇ ਆਪਣੀ ਸਿਹਤ ਪ੍ਰਤੀ ਕਾਫ਼ੀ ਚੁਕੰਨਾ ਵੀ ਸੀ। ਉਸ ਦੇ ਜਾਣ ਦਾ ਸੰਸਥਾ ਨੂੰ ਬਹੁਤ ਹੀ ਦੁੱਖ ਹੈ, ਜਿਹੜਾ ਸ਼ਬਦਾਂ 'ਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਐਪਰ ਉਸ ਦੇ ਤੁਰ ਜਾਣ ਦਾ ਫ਼ਿਕਰ ਵੀ ਹੈ, ਜਦੋਂ ਵੱਡੀ ਉਮਰ ਦੇ ਲੋਕ ਉਸ ਦੀ ਅਰਥੀ ਨੂੰ ਮੋਢਾ ਦੇ ਰਹੇ ਹੋਣ। ਭਰ ਜਵਾਨੀ 'ਚ ਉਸ ਦਾ ਤੁਰ ਜਾਣਾ ਚਿੰਤਾ ਦਾ ਵਿਸ਼ਾ ਹੈ। ਇੱਥੇ ਸਿਰਫ਼ ਇਹ ਕਹਿ ਦੇਣਾ ਕਾਫ਼ੀ ਨਹੀਂ ਕਿ ਇਹ ਤਾਂ ਭਾਣਾ ਸੀ। ਇਸ ਦੇ ਕਾਰਨ ਲੱਭਣੇ ਪੈਣਗੇ ਅਤੇ ਮੀਡੀਏ ਨੂੰ ਇਸ ਦੀ ਅਵਾਜ਼ ਵੀ ਉਠਾਉਣੀ ਹੋਵੇਗੀ।

Tuesday 28 February 2017

ਸਾਰੇ ਪੱਤਰਕਾਰਾਂ ਲਈ ਪੀਲਾ ਕਾਰਡ ਬਣਾਉਣ ਦੀ ਮੰਗ

ਗੁਰਾਇਆ ਪੱਤਰਕਾਰ ਐਸੋਸੀਏਸ਼ਨ ਨੇ ਲੋਕ ਸੰਪਰਕ ਵਿਭਾਗ ਦੇ ਉਸ ਹੁਕਮ ਦੀ ਨਿਖੇਧੀ ਕੀਤੀ ਹੈ, ਜਿਸ ’ਚ ਕਿਹਾ ਗਿਆ ਹੈ ਕਿ ਪੱਤਰਕਾਰਾਂ ਲਈ ਜਾਰੀ ਕੀਤੇ ਜਾਣ ਵਾਲੇ ਕਾਰਡ ਸਬਡਵੀਜਨ ਪੱਧਰ ਤੱਕ ਹੀ ਜਾਰੀ ਕੀਤੇ ਜਾਣਗੇ। ਇਸ ਸਬੰਧੀ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਕੌਸ਼ਲ ਅਤੇ ਜਨਰਲ ਸਕੱਤਰ ਸਰਬਜੀਤ ਗਿੱਲ ਨੇ ਜਾਰੀ ਕੀਤੇ ਇੱਕ ਬਿਆਨ ’ਚ ਕਿਹਾ ਹੈ ਕਿ ਅਜਿਹੇ ਪੀਲੇ ਕਾਰਡ ਹਰ ਪੱਤਰਕਾਰ ਦੇ ਬਣਾਏ ਜਾਣੇ ਚਾਹੀਦੇ ਹਨ ਤਾਂ ਜੋ ਵਿਭਾਗ ਕੋਲ ਪੱਤਰਕਾਰਾਂ ਦੀ ਸਹੀ ਗਿਣਤੀ ਪੁੱਜ ਸਕੇ। ਇਸ ਵਾਰ ਵਿਭਾਗ ਵਲੋਂ ਜਾਰੀ ਕੀਤੇ ਇਸ ਹੁਕਮ ’ਚ ਸਬਡਵੀਜਨ ਪੱਧਰ ’ਤੇ ਵੀ ਅਖਬਾਰਾਂ ਦੀ ਸਰਕੂਲੇਸ਼ਨ ਦੇ ਅਧਾਰ ’ਤੇ ਪੱਤਰਕਾਰਾਂ ਦੀ ਗਿਣਤੀ ਨੂੰ ਨਿਸ਼ਚਤ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਅਖਬਾਰਾਂ ਦੇ ਸਮਰਥ ਅਧਿਕਾਰੀਆਂ ਵਲੋਂ ਇੱਕ ਅਲੱਗ ਤੋਂ ਪੱਤਰ ਜਾਰੀ ਕਰਵਾਉਣ ਨੂੰ ਵੀ ਕਿਹਾ ਗਿਆ ਹੈ। ਇਨ੍ਹਾਂ ਅਹੁਦੇਦਾਰਾਂ ਨੇ ਕਿਹਾ ਕਿ ਅਜਿਹਾ ਹੋਣ ਨਾਲ ਬਹੁਤ ਸਾਰੇ ਸਬਡਵੀਜਨ ਪੱਧਰ ਦੇ ਪੱਤਰਕਾਰ ਵੀ ਪੀਲੇ ਕਾਰਡਾਂ ਤੋਂ ਵਾਂਝੇ ਰਹਿ ਜਾਣਗੇ। ਕੌਂਸ਼ਲ ਅਤੇ ਗਿੱਲ ਨੇ ਮੰਗ ਕੀਤੀ ਕਿ ਰੋਜ਼ਾਨਾਂ ਅਖਬਾਰਾਂ ਦੇ ਸਾਰੇ ਪੱਤਰਕਾਰਾਂ ਨੂੰ ਅਖਬਾਰ ਵਲੋਂ ਜਾਰੀ ਪਛਾਣ ਪੱਤਰ ਦੇ ਅਧਾਰ ’ਤੇ ਪੀਲੇ ਕਾਰਡ ਜਾਰੀ ਕੀਤੇ ਜਾਣ ਅਤੇ ਇਨ੍ਹਾਂ ਦੇ ਅਧਾਰ ’ਤੇ ਹੀ ਬਣਦੀਆਂ ਸਹੂਲਤਾਂ ਵੀ ਦਿੱਤੀਆ ਜਾਣ।