ਇਲਾਕੇ ਦੇ ਪੱਤਰਕਾਰਾਂ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆ ਨੇ ਅੱਜ ਪੰਜਾਬ ਦੇ ਗਵਰਨਰ ਅਤੇ ਮੁਖ ਮੰਤਰੀ ਨੂੰ ਭੇਜੇ ਇੱਕ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਪਹਿਲਕਦਮੀ ਕੀਤੀ ਜਾਵੇ। ਵਰਨਣਯੋਗ ਹੈ ਕਿ ਬੰਗਾ ਕਸਬੇ ਤੋਂ 14 ਫਰਵਰੀ 2013 ਨੂੰ ਉਸ ਵੇਲੇ ਦੇ ਐਸਡੀਐਮ ਵਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਦਾ ਨਿਰਾਦਰ ਕਰਨ ਸਬੰਧੀ ਕਈ ਪੱਤਰਕਾਰਾਂ ਨੇ ਅਖ਼ਬਾਰਾਂ 'ਚ ਖ਼ਬਰਾਂ ਪ੍ਰਕਾਸ਼ਿਤ ਕੀਤੀਆ ਸਨ। ਇਸ ਖ਼ਬਰ ਮੁਤਾਬਿਕ ਉਸ ਵੇਲੇ ਦੇ ਐਸਡੀਐਮ, ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਪੈਰ ਰੱਖ ਕੇ ਧੁੱਪ ਸੇਕ ਰਹੇ ਸਨ। ਇਸ ਸਬੰਧੀ ਉਸ ਵੇਲੇ ਦੀ ਸਰਕਾਰ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਸੀ ਅਤੇ ਉਕਤ ਅਧਿਕਾਰੀ ਨੇ ਮੁਆਫ਼ੀ ਵੀ ਮੰਗ ਲਈ ਸੀ। ਹੁਣ ਉਕਤ ਅਧਿਕਾਰੀ ਨੇ ਬਦਲਾਖੋਰੀ ਦੀ ਭਾਵਨਾ ਨਾਲ ਕੁੱਝ ਪੱਤਰਕਾਰਾਂ 'ਤੇ ਮਾਨਹਾਨੀ ਅਤੇ ਬਲੈਕਮੇਲਿੰਗ ਦਾ ਕੇਸ ਸੰਗਰੂਰ ਦੀ ਅਦਾਲਤ 'ਚ ਕੀਤਾ ਹੋਇਆ ਹੈ। ਇਥੋਂ ਦੇ ਐਸਡੀਐਮ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਨੂੰ ਮੰਗ ਪੱਤਰ ਦੇਣ ਉਪਰੰਤ ਗੁਰਾਇਆ, ਫਿਲੌਰ ਤੇ ਅੱਪਰਾਂ ਦੇ ਪੱਤਰਕਾਰਾਂ ਦੀਆਂ ਜਥੇਬੰਦੀਆਂ ਦੇ ਨੁਮਾਇੰਦਿਆ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦੀ ਪਹਿਲਾ ਹੀ ਕੀਤੀ ਜਾਂਚ ਦੇ ਅਧਾਰ 'ਤੇ ਸਰਕਾਰ ਖੁਦ ਇਸ ਕੇਸ 'ਚ ਧਿਰ ਬਣੇ ਅਤੇ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕਰਵਾਏ ਤਾਂ ਹੀ ਅਸਲ ਮਕਸਦ ਨਾਲ ਪ੍ਰੈਸ ਦੀ ਆਜ਼ਾਦੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।
No comments:
Post a Comment